ਜਲੰਧਰ, 6 ਅਕਤੂਬਰ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਪੀ.ਐਮ. ਵਿਕਾਸ ਯੋਜਨਾ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।ਮੀਟਿੰਗ ਦੌਰਾਨ ਸਕੀਮ ਤਹਿਤ ਯੋਗ ਘੱਟ ਗਿਣਤੀ ਵਰਗ ਨਾਲ ਸਬੰਧਤ ਉਮੀਦਵਾਰਾਂ ਦੀ ਪਛਾਣ, ਉਨ੍ਹਾਂ ਨੂੰ ਸਕੀਮ ਨਾਲ ਜੋੜਨ, ਰਜਿਸਟ੍ਰੇਸ਼ਨ ਅਤੇ ਕਾਊਂਸਲਿੰਗ ਸਬੰਧੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਟ੍ਰੇਨਿੰਗ ਪ੍ਰੋਵਾਈਡਰਾਂ/ਪ੍ਰਾਜੈਕਟ ਇੰਪਲੀਮੈਂਟਿੰਗ ਏਜੰਸੀਆਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਸਥਾਪਤ ਕਰਕੇ ਸਿਖ਼ਲਾਈ ਪ੍ਰੋਗਰਾਮ ਨਿਰਧਾਰਤ ਸਮੇਂ ਅਨੁਸਾਰ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਟ੍ਰੇਨਰਾਂ ਅਤੇ ਸਹਾਇਕ ਸਟਾਫ਼ ਦੀ ਲੋੜ ਅਨੁਸਾਰ ਤਾਇਨਾਤੀ, ਨਿਰਧਾਰਤ ਮਾਪਦੰਡਾਂ ਦੀ ਪਾਲਣਾ ਅਤੇ ਯੋਗ ਲਾਭਪਾਤਰੀਆਂ ਤੱਕ ਸਕੀਮ ਦਾ ਲਾਭ ਪਹੁੰਚਾਉਣ ਲਈ ਵਿਆਪਕ ਜਾਗਰੂਕਤਾ ਗਤੀਵਿਧੀਆਂ ਯਕੀਨੀ ਬਣਾਉਣ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਇਸ ਮੌਕੇ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿਖ਼ਲਾਈ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਕਪੂਰਥਲਾ ਰੋਡ, ਲੈਦਰ ਕੰਪਲੈਕਸ, ਜਲੰਧਰ ਵਿਖੇ ਕਰਵਾਈ ਜਾਵੇਗੀ ਅਤੇ ਕੋਰਸ ਦੀ ਮਿਆਦ 4 ਮਹੀਨੇ ਹੋਵੇਗੀ। ਟ੍ਰੇਨਿੰਗ ਲਈ ਘੱਟੋ-ਘੱਟ ਵਿੱਦਿਅਕ ਯੋਗਤਾ 10ਵੀਂ/+2, ਉਮਰ ਹੱਦ 18 ਤੋਂ 35 ਸਾਲ ਨਿਰਧਾਰਤ ਕੀਤੀ ਗਈ ਹੈ ਅਤੇ ਸਿਖ਼ਲਾਈ ਦੌਰਾਨ ਘੱਟੋ-ਘੱਟ 75 ਫੀਸਦੀ ਹਾਜ਼ਰੀ ਲਾਜ਼ਮੀ ਹੈ। ਇਹ ਸਿਖ਼ਲਾਈ ਦਾ ਮੌਕਾ ਕੇਵਲ ਘੱਟ ਗਿਣਤੀ ਵਰਗ ਨਾਲ ਸਬੰਧਤ ਯੋਗ ਉਮੀਦਵਾਰਾਂ ਲਈ ਹੈ।
ਜ਼ਿਕਰਯੋਗ ਹੈ ਕਿ ਰਜਿਸਟ੍ਰੇਸ਼ਨ ਲਈ ਗੂਗਲ ਫਾਰਮ https://forms.gle/sVh8GkgVJ3u9JkLT6 ਰਾਹੀਂ ਬਿਨੈ ਕੀਤਾ ਜਾ ਸਕਦਾ ਹੈ। ਚਾਹਵਾਨ ਵਧੇਰੇ ਜਾਣਕਾਰੀ ਲਈ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਸਥਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਕਮਰਾ ਨੰਬਰ 320 ਵਿਖੇ ਜਾਂ ਸੰਪਰਕ ਨੰਬਰ 70875-19281 ’ਤੇ ਰਾਬਤਾ ਕਰ ਸਕਦੇ ਹਨ।
