ਪੰਜਾਬ ‘ਚ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬੀਤੇ ਦਿਨ ਸੂਬੇ ਦੇ ਕਈ ਇਲਾਕਿਆਂ ‘ਚ ਹੋਈ ਬਾਰਿਸ਼ ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਪ੍ਰਭਾਵਿਤ ਹੋਈ, ਜਦਕਿ ਅਨਾਜ ਮੰਡੀਆਂ ‘ਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਵੀ ਭਿੱਜ ਗਿਆ। ਕਈ ਥਾਵਾਂ ਤੇ ਪਾਣੀ ਭਰਨ ਕਾਰਨ ਫ਼ਸਲ ਦੀ ਸੰਭਾਲ ਤੇ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ।
ਫਾਜ਼ਿਲਕਾ ਦੀ ਅਨਾਜ ਮੰਡੀ ‘ਚ ਭਾਰੀ ਮੀਂਹ ਤੋਂ ਬਾਅਦ ਕਈ ਫੁੱਟ ਤੱਕ ਪਾਣੀ ਭਰ ਗਿਆ। ਇਸ ਕਾਰਨ ਝੋਨੇ ਦੀਆਂ ਕਈ ਢੇਰੀਆਂ ਪਾਣੀ ‘ਚ ਡੁੱਬ ਗਈਆਂ। ਆੜ੍ਹਤੀਆਂ ਨੇ ਨੁਕਸਾਨ ਲਈ ਪਾਣੀ ਦੀ ਨਿਕਾਸੀ ਤੇ ਫ਼ਸਲ ਨੂੰ ਸੁਰੱਖਿਅਤ ਰੱਖਣ ਦੇ ਪ੍ਰਬੰਧਾਂ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁਸ਼ਕਲ ਇਸ ਕਰਕੇ ਹੋਰ ਵਧ ਗਈ ਹੈ, ਕਿਉਂਕਿ ਉਨ੍ਹਾਂ ਨੂੰ ਮੰਡੀ ਤੋਂ ਬਾਹਰ ਨਿੱਜੀ ਸ਼ੈੱਡ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਕਾਰਨ ਝੋਨੇ ਦੀ ਸਾਰੀ ਫ਼ਸਲ ਮੰਡੀ ਚ ਹੀ ਰੱਖੀ ਹੋਈ ਸੀ। ਹੁਣ ਭਾਰੀ ਬਾਰਿਸ਼ ਤੋਂ ਬਾਅਦ ਮੰਡੀ ਚ ਪਾਣੀ ਭਰਨ ਕਾਰਨ ਫ਼ਸਲ ਡੁੱਬ ਗਈ ਤੇ ਕਾਫ਼ੀ ਸਾਮਾਨ ਪਾਣੀ ਚ ਵਹਿ ਗਿਆ। ਲੁਧਿਆਣਾ ਦੀ ਦਾਣਾ ਮੰਡੀ ‘ਚ ਖੁੱਲ੍ਹੇ ‘ਚ ਪਿਆ ਝੋਨਾ ਮੀਂਹ ਕਾਰਨ ਭਿੱਜ ਗਿਆ। ਕਿਸਾਨਾਂ ਮੁਤਾਬਕ ਨਮੀ ਵਧਣ ਨਾਲ ਫ਼ਸਲ ਸੁਕਾਉਣ ਲਈ ਧੁੱਪ ਦੀ ਉਡੀਕ ਕਰਨੀ ਪਵੇਗੀ ਤੇ ਲਿਫਟਿੰਗ ‘ਚ ਵੀ ਦੇਰੀ ਹੋ ਸਕਦੀ ਹੈ।
