ਜਲੰਧਰ, ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਆਖਰੀ ਮੈਚ ਦੌਰਾਨ ਪ੍ਰਸ਼ੰਸਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇੱਥੇ ਖੇਡੇ ਗਏ ਮੁਕਾਬਲਿਆਂ ਨੂੰ ਯਾਦਗਾਰੀ ਵਿਦਾਇਗੀ ਦੇਣ ਲਈ ਸਥਾਨਕ ਵਸਨੀਕਾਂ ਅਤੇ ਹਾਕੀ ਪ੍ਰੇਮੀਆਂ ਨੇ ਰਿਕਾਰਡ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਖੇਡ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੇ ਗਏ ਸੁਚਾਰੂ ਪ੍ਰਬੰਧਾਂ ਅਤੇ ਦਰਸ਼ਕਾਂ ਲਈ ਵਿਆਪਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਾਜ਼ਰ ਲੋਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਥੋਂ ਨੇੜਲੇ ਗਾਂਧੀ ਕੈਂਪ ਦੇ ਵਸਨੀਕ ਸੌਰਵ, ਜਿਨ੍ਹਾਂ ਨੇ ਟੂਰਨਾਮੈਂਟ ਦੌਰਾਨ ਕਈ ਮੈਚ ਦੇਖੇ, ਨੇ ਸੂਬਾ ਸਰਕਾਰ ਦੀ ਯੋਜਨਾਬੰਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਐਂਟਰੀ ਗੇਟਾਂ ਤੋਂ ਲੈ ਕੇ ਬਾਹਰ ਜਾਣ ਦੇ ਰਸਤਿਆਂ ਤੱਕ ਹਰ ਪ੍ਰਬੰਧ ਬੇਹੱਦ ਸੁਚਾਰੂ ਸੀ। ਉਨ੍ਹਾਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਉਣ-ਜਾਣ ਦੀ ਸੁਵਿਧਾ ਅਤੇ ਵਧੀਆ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਦੀ ਭਾਰੀ ਆਮਦ ਦੇ ਬਾਵਜੂਦ ਆਵਾਜਾਈ ਪ੍ਰਬੰਧਨ ਅਤੇ ਸਟੇਡੀਅਮ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਬਹੁਤ ਵਧੀਆ ਰਹੀ।
ਉੱਥੇ ਮੌਜੂਦ ਇੱਕ ਹੋਰ ਸਥਾਨਕ ਵਿਅਕਤੀ ਸਾਹਿਲ ਕੁਮਾਰ ਨੇ ਕਿਹਾ ਕਿ ਪਾਰਕਿੰਗ ਲਈ ਤੈਅ ਜਗ੍ਹਾ, ਸੁਚੱਜੀਆਂ ਜਨਤਕ ਸਹੂਲਤਾਂ ਅਤੇ ਖਾਣ-ਪੀਣ ਲਈ ਸਥਾਪਤ ਫੂਡ ਕੋਰਟ ਸਦਕਾ ਦਰਸ਼ਕਾਂ ਲਈ ਮਾਹੌਲ ਬੇਹੱਦ ਸੁਖਾਵਾਂ ਅਤੇ ਸੁਵਿਧਾਜਨਕ ਰਿਹਾ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਇਹ ਯਕੀਨੀ ਬਣਾਇਆ ਕਿ ਭਾਰੀ ਭੀੜ ਹੋਣ ਦੇ ਬਾਵਜੂਦ ਸਟੇਡੀਅਮ ਵਿੱਚ ਦਾਖ਼ਲ ਹੋਣ ਸਮੇਂ ਕਿਸੇ ਨੂੰ ਮੁਸ਼ਕਲ ਪੇਸ਼ ਨਾ ਆਵੇ।
ਦਰਸ਼ਕਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਸਟੇਡੀਅਮ ਦੇ ਆਲੇ-ਦੁਆਲੇ ਵੱਖ-ਵੱਖ ਥਾਈਂ ਵੱਡੀਆਂ ਐਲ.ਈ.ਡੀ. ਸਕਰੀਨਾਂ ਵੀ ਲਗਾਈਆਂ ਗਈਆਂ ਸਨ, ਜਿਸ ਸਦਕਾ ਸਟੇਡੀਅਮ ਤੋਂ ਬਾਹਰ ਮੌਜੂਦ ਹਜ਼ਾਰਾਂ ਲੋਕਾਂ ਨੂੰ ਲਾਈਵ ਮੁਕਾਬਲੇ ਦੇਖਣ ਦਾ ਮੌਕਾ ਮਿਲਿਆ। ਬਸਤੀ ਬਾਵਾ ਖੇਲ ਦੇ ਬਲਜੀਤ ਸਿੰਘ ਨੇ ਕਿਹਾ ਕਿ ਉੱਚ-ਗੁਣਵੱਤਾ ਵਾਲੇ ਕਿਫਾਇਤੀ ਭੋਜਨ ਪਦਾਰਥਾਂ ਦੇ ਨਾਲ-ਨਾਲ ਐਲ.ਈ.ਡੀ. ਸਕਰੀਨਾਂ ’ਤੇ ਲਾਈਵ ਮੈਚ ਨੇ ਸਮੁੱਚੇ ਮਾਹੌਲ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ।
ਜਲੰਧਰ ਵਿੱਚ ਮੁਕਾਬਲਿਆਂ ਦੀ ਸਮਾਪਤੀ ‘ਤੇ ਉਤਸ਼ਾਹ ਨਾਲ ਭਰੇ ਦਰਸ਼ਕਾਂ ਨੇ ਆਸ ਪ੍ਰਗਟ ਕੀਤੀ ਕਿ ਇਸ ਵੱਕਾਰੀ ਚੈਂਪੀਅਨਸ਼ਿਪ ਦੀ ਸਫ਼ਲ ਮੇਜ਼ਬਾਨੀ ਨਾਲ ਜਲੰਧਰ ਵਿੱਚ ਹੋਰ ਵੀ ਅੰਤਰਰਾਸ਼ਟਰੀ ਖੇਡ ਸਮਾਗਮਾਂ ਲਈ ਰਾਹ ਪੱਧਰਾ ਹੋਵੇਗਾ।
