ਜਲੰਧਰ, ਡਿਪਟੀ ਜਨਰਲ ਮੈਨੇਜਰ ਵਿੰਗ ਕਮਾਂਡਰ ਰਜਿੰਦਰ ਸਿੰਘ (ਰਿਟਾ.) ਵਲੋਂ ਜ਼ਿਲ੍ਹਾ ਸੈਨਿਕ ਭਲਾਈ ਦਫਤਰ ਵਿਖੇ ਜਿਲ੍ਹਾ ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਕਰਦਿਆਂ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ ਦਾ 48ਵਾਂ ਰੇਜ਼ਿੰਗ ਡੇਅ ਸ਼ਾਨੋ-ਸ਼ੌਕਤ, ਉਤਸ਼ਾਹ ਅਤੇ ਗੌਰਵ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫਟੀਨੈਂਟ ਕਰਨਲ ਭੁਪਿੰਦਰ ਭੋਲਾ (ਰਿਟਾ) ਤੋਂ ਇਲਾਵਾ ਮੁੱਖ ਨਿਯੋਜਕਾਂ ਦੇ ਨੁਮਾਇੰਦੇ, ਅਧਿਕਾਰੀ ਅਤੇ ਵੱਖ-ਵੱਖ ਖੇਤਰਾਂ ਵਿੱਚ ਤਾਇਨਾਤ ਪੈਸਕੋ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਲੈਫਟੀਨੈਂਟ ਕਰਨਲ ਭੁਪਿੰਦਰ ਭੋਲਾ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਮੁੜ-ਵਸੇਬੇ, ਸਨਮਾਨ ਅਤੇ ਸਮਾਜਿਕ-ਆਰਥਿਕ ਸਸ਼ਕਤੀਕਰਨ ਲਈ ਪੈਸਕੋ ਵੱਲੋਂ ਨਿਭਾਈ ਜਾ ਰਹੀ ਨਿਰੰਤਰ ਭੂਮਿਕਾ ਦੀ ਭਰਪੂਰ ਸ਼ਲਾਘਾ ਕਰਦਿਆਂ ਦੱਸਿਆ ਕਿ ਇਤਿਹਾਸਿਕ ਪੰਜਾਬ ਐਕਟ ਨੰਬਰ (1978) ਤਹਿਤ ਸਥਾਪਿਤ ਪੈਸਕੋ ਅੱਜ ਇੱਕ ਵਿਸ਼ਾਲ ਅਤੇ ਬਹੁ-ਪੱਖੀ ਸੰਸਥਾ ਦਾ ਰੂਪ ਧਾਰਨ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੈਸਕੋ ਵਲੋਂ ਪੂਰੇ ਪੰਜਾਬ ਅਤੇ ਇਸ ਤੋਂ ਬਾਹਰ 23,000 ਤੋਂ ਵੱਧ ਅਨੁਸ਼ਾਸਨਬੱਧ ਅਤੇ ਸਿਖਲਾਈ ਪ੍ਰਾਪਤ ਕਾਮਿਆਂ ਦੇ ਬਲ ਨੂੰ ਸਫ਼ਲਤਾਪੂਰਵਕ ਢੰਗ ਨਾਲ ਸੰਭਾਲਿਆ ਜਾ ਰਿਹਾ ਹੈ।
