ਖੰਨਾ ਪੁਲਿਸ ਨੇ “ਗੈਂਗਸਟਰਾਂ ਉਤੇ ਵਾਰ” ਮੁਹਿੰਮ ਹੇਠ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਨੈਟਵਰਕ ਉਤੇ ਵੱਡਾ ਹਮਲਾ ਕੀਤਾ ਹੈ। ਇਸ ਕਾਰਵਾਈ ਦੌਰਾਨ ਆਸਟ੍ਰੇਲੀਆ ਵਿੱਚ ਬੈਠੇ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਅਤੇ ਉਸਦਾ ਸਾਥ ਦੇਣ ਵਾਲੇ ਗੈਂਗਸਟਰ ਡੋਨੀ ਬੱਲ ਨਾਲ ਜੁੜੇ 5 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡੀਐਸਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਪਾਇਲ ਵਿੱਚ ਦਰਜ ਮੁਕੱਦਮਾ ਨੰਬਰ 67 ਮਿਤੀ 25.03.2026 ਨਾਲ ਸੰਬੰਧਿਤ ਹੈ। ਜਾਣਕਾਰੀ ਅਨੁਸਾਰ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਵਪਾਰੀ ਹਰਿਸ਼ ਚੰਦਰ ਉਰਫ ਨੋਨਾ ਦੀ ਆੜ੍ਹਤ ਦੀ ਦੁਕਾਨ ਉਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹ ਘਟਨਾ ਜਬਰੀ ਵਸੂਲੀ ਅਤੇ ਧਮਕੀਆਂ ਦੇਣ ਵਾਲੇ ਗਿਰੋਹ ਨਾਲ ਜੁੜੀ ਹੋਈ ਸੀ।
ਪੁਲਿਸ ਪਹਿਲਾਂ ਹੀ ਇਸ ਗਿਰੋਹ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਸੀ। ਅਗਲੀ ਕਾਰਵਾਈ ਕਰਦਿਆਂ ਟੈਕਨੀਕਲ ਸਹਾਇਤਾ ਅਤੇ ਸੁਚਨਾ ਦੇ ਆਧਾਰ ਉਤੇ ਵੱਖ-ਵੱਖ ਥਾਵਾਂ ਉਤੇ ਛਾਪੇ ਮਾਰ ਕੇ ਹੋਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਹਰਦੀਪ ਸਿੰਘ ਉਰਫ ਲਾਡੀ ਉਰਫ ਆਜ਼ਾਦ ਸਿੰਘ ਵਾਸੀ ਮੰਜਾਲੀ ਕਲਾ, ਮੁਹੰਮਦ ਸ਼ਫੀਕ, ਮੁਹੰਮਦ ਰਫੀਕ, ਸ਼ਰੀਫ ਅਲੀ ਅਤੇ ਰੌਬਿਨ ਸ਼ਾਮਲ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਫਾਇਰਿੰਗ ਲਈ ਵਰਤੇ ਗਏ ਹਥਿਆਰ ਹਰਦੀਪ ਸਿੰਘ ਵੱਲੋਂ ਮੁਹੱਈਆ ਕਰਵਾਏ ਗਏ ਸਨ ਅਤੇ ਹੋਰ ਦੋਸ਼ੀਆਂ ਵੱਲੋਂ ਉਸਨੂੰ ਓਟ ਦਿੱਤੀ ਗਈ ਸੀ।
