ਯੂਕੇ ਦੇ ਓਲਡਬਰੀ ਪਾਰਕ ਵਿੱਚ ਭਾਰਤੀ ਮੂਲ ਦੀ ਇੱਕ ਕੁੜੀ ਨਾਲ ਨਸਲੀ ਹਮਲੇ ਅਤੇ ਸਮੂਹਿਕ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਸਵੇਰੇ ਲਗਭਗ 8:30 ਵਜੇ ਇੱਕ 20 ਸਾਲਾ ਸਿੱਖ ਕੁੜੀ ਦੇ ਨਾਲ ਦਿਨ-ਦਿਹਾੜੇ ਜਬਰ ਜਨਾਹ ਕੀਤਾ ਗਿਆ। ਇਹ ਹਮਲਾ ਨਾ ਸਿਰਫ਼ ਇੱਕ ਜਿਨਸੀ ਅਪਰਾਧ ਸੀ, ਸਗੋਂ ਇਸ ਵਿੱਚ ਨਸਲੀ ਟਿੱਪਣੀਆਂ ਵੀ ਸ਼ਾਮਲ ਸਨ, ਜਿਸ ਕਾਰਨ ਪੁਲਿਸ ਇਸ ਦੀ ਨਸਲੀ ਹਮਲੇ ਵਜੋਂ ਜਾਂਚ ਕਰ ਰਹੀ ਹੈ।
ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੌਰਾਨ ਹਮਲਾਵਰਾਂ ਨੇ ਉਸ ਨੂੰ ਕਿਹਾ- ਆਪਣੇ ਦੇਸ਼ ਵਾਪਸ ਚਲੇ ਜਾਓ, ਤੁਹਾਡਾ ਇਸ ਦੇਸ਼ ‘ਤੇ ਕੋਈ ਹੱਕ ਨਹੀਂ ਹੈ। ਪੀੜਤਾ ਦੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਹੈ।
ਜਾਣਕਾਰੀ ਮੁਤਾਬਕ ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਅਪਰਾਧ ਵਿੱਚ 2 ਲੋਕ ਸ਼ਾਮਲ ਸਨ। ਪੁਲਿਸ ਅਨੁਸਾਰ, ਅਪਰਾਧ ਕਰਨ ਵਾਲੇ ਦੋਵੇਂ ਮੁਲਜ਼ਮ ਗੋਰੇ (ਅੰਗਰੇਜ਼ੀ) ਸਨ। ਇੱਕ ਸ਼ੱਕੀ ਥੋੜ੍ਹਾ ਮੋਟਾ ਸੀ ਅਤੇ ਉਸ ਦਾ ਸਿਰ ਮੁੰਨਿਆ ਹੋਇਆ ਸੀ। ਉਸ ਨੇ ਕਾਲੀ ਸਵੈਟ-ਸ਼ਰਟ ਅਤੇ ਦਸਤਾਨੇ ਪਾਏ ਹੋਏ ਸਨ। ਦੂਜੇ ਸ਼ੱਕੀ ਨੇ ਚਾਂਦੀ ਦੀ ਜ਼ਿਪ ਦੇ ਨਾਲ ਸਲੇਟੀ ਰੰਗ ਦਾ ਟੌਪ ਪਾਇਆ ਹੋਇਆ ਸੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਇਸ ਦਿੱਖ ਦੀ ਪਛਾਣ ਕੀਤੀ ਹੈ।
