ਦਿੱਲੀ ‘ਚ ਵਧਦੀ ਮਹਿੰਗਾਈ ਤੇ ਈਂਥਨ ਦੀਆਂ ਕੀਮਤਾਂ ਵਿਰੁੱਧ ਕਮਰਸ਼ੀਅਲ ਵਾਹਨ ਚਾਲਕਾਂ ਦਾ ਗੁੱਸਾ ਹੁਣ ਖੁਲ੍ਹ ਕੇ ਸਾਹਮਣੇ ਆ ਗਿਆ ਹੈ। ਰਾਜਧਾਨੀ ‘ਚ ਆਟੋ, ਟੈਕਸੀ ਤੇ ਹੋਰ ਕਮਰਸ਼ੀਅਲ ਵਾਹਨ ਚਾਲਕ ਯੂਨੀਅਨਾਂ ਨੇ 21 ਮਈ ਤੋਂ 23 ਮਈ ਤੱਕ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨਾਂ ਮੰਗ ਕਰ ਰਹੀਆਂ ਹਨ ਕਿ ਸਰਕਾਰ ਸੀਐਨਜੀ, ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਟੈਕਸੀ ਤੇ ਆਟੋ ਕਿਰਾਏ ਤੁਰੰਤ ਵਧਾਏ ਜਾਣ। ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਤੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇੱਕ ਪੱਤਰ ਲਿਖ ਕੇ ਆਪਣੀਆਂ ਮੰਗਾਂ ਰੱਖੀਆਂ। ਚਾਲਕ ਸ਼ਕਤੀ ਯੂਨੀਅਨ ਦੇ ਉਪ ਪ੍ਰਧਾਨ ਅਨੁਜ ਕੁਮਾਰ ਰਾਠੌਰ ਨੇ ਕਿਹਾ ਕਿ ਲਗਾਤਾਰ ਵਧਦੀਆਂ ਈਂਧਨ ਕੀਮਤਾਂ ਨੇ ਮੱਧ ਵਰਗ ਦੇ ਡਰਾਈਵਰਾਂ ਲਈ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਬਣਾ ਦਿੱਤਾ ਹੈ। ਨਤੀਜੇ ਵਜੋਂ, ਦਿੱਲੀ ‘ਚ ਹੋਰ ਸੰਗਠਨਾਂ ਦੇ ਸਹਿਯੋਗ ਨਾਲ, 21, 22 ਅਤੇ 23 ਮਈ ਨੂੰ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ, ਜਿਸ ‘ਚ ਲੋਕਾਂ ਨੂੰ ਇਨ੍ਹਾਂ ਦਿਨਾਂ ‘ਚ ਗੱਡੀ ਨਾ ਚਲਾਉਣ ਦੀ ਅਪੀਲ ਕੀਤੀ ਗਈ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਇੱਕ ਜਾਂ ਦੋ ਹਫ਼ਤਿਆਂ ਦੇ ਅੰਦਰ ਟੈਕਸੀ ਕਿਰਾਏ ‘ਚ ਵਾਧੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਹੈ, ਤਾਂ ਅੰਦੋਲਨ ਨੂੰ ਵੱਡੇ ਪੱਧਰ ‘ਤੇ ਤੇਜ਼ ਕੀਤਾ ਜਾਵੇਗਾ। ਇਸ ਲਈ ਦਿੱਲੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ।
ਯੂਨੀਅਨ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ। ਅਦਾਲਤ ਨੇ ਟੈਕਸੀ ਡਰਾਈਵਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਕਿਰਾਏ ਵਧਾਉਣ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਸਨ। ਇਸ ਦੇ ਬਾਵਜੂਦ, ਦਿੱਲੀ ਸਰਕਾਰ ਬਹਾਨੇ ਬਣਾ ਰਹੀ ਹੈ ਤੇ ਮਾਮਲੇ ‘ਚ ਇਹ ਕਹਿੰਦੇ ਹੋਏ ਦੇਰੀ ਕਰ ਰਹੀ ਹੈ ਕਿ ਫਾਈਲ ਨੂੰ ਪ੍ਰਵਾਨਗੀ ਲਈ ਉਪ ਰਾਜਪਾਲ ਨੂੰ ਭੇਜਿਆ ਗਿਆ ਹੈ। ਡਰਾਈਵਰਾਂ ਨੇ ਐਪ-ਅਧਾਰਤ ਕੈਬ ਕੰਪਨੀਆਂ ‘ਤੇ ਮਨਮਾਨੀ ਦਾ ਵੀ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਪਨੀਆਂ ਲਗਾਤਾਰ ਕਿਰਾਏ ਵਧਾ ਰਹੀਆਂ ਹਨ, ਜਦੋਂ ਕਿ ਦਿੱਲੀ ਦੇ ਟੈਕਸੀ ਡਰਾਈਵਰ ਆਰਥਿਕ ਸ਼ੋਸ਼ਣ ਤੇ ਗੁਲਾਮੀ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਯੂਨੀਅਨ ਦੇ ਅਨੁਸਾਰ, ਪਿਛਲੇ 15 ਸਾਲਾਂ ਤੋਂ ਦਿੱਲੀ-ਐਨਸੀਆਰ ‘ਚ ਸ਼ਹਿਰੀ ਟੈਕਸੀਆਂ ਦੇ ਕਿਰਾਏ ‘ਚ ਕੋਈ ਵਾਧਾ ਨਹੀਂ ਹੋਇਆ ਹੈ, ਜਦੋਂ ਕਿ ਇਸ ਸਮੇਂ ਦੌਰਾਨ ਸੀਐਨਜੀ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਈ ਗੁਣਾ ਵਧੀਆਂ ਹਨ।
