ਜਲੰਧਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੈਡਮ ਅਮਨਿੰਦਰ ਕੌਰ ਵੱਲੋਂ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ-2027 ਨੂੰ ਮੁੱਖ ਰੱਖਦਿਆਂ ਪੋਲਿੰਗ ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਅਤੇ ਇਸ ਦੌਰਾਨ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ 9 ਵਿਧਾਨ ਸਭਾ ਹਲਕਿਆਂ ਵਿੱਚ ਪਹਿਲਾਂ ਵਾਂਗ 1997 ਪੋਲਿੰਗ ਸਟੇਸ਼ਨ ਹੀ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ ਫਿਲੌਰ ਵਿੱਚ 244, ਨਕੋਦਰ ਵਿੱਚ 255, ਸ਼ਾਹਕੋਟ ਵਿੱਚ 252, ਕਰਤਾਰਪੁਰ ਵਿੱਚ 225, ਜਲੰਧਰ ਪੱਛਮੀ ਵਿੱਚ 192, ਜਲੰਧਰ ਕੇਂਦਰੀ ਵਿੱਚ 191, ਜਲੰਧਰ ਉੱਤਰੀ ਵਿੱਚ 204, ਜਲੰਧਰ ਛਾਉਣੀ ਵਿੱਚ 218 ਅਤੇ ਵਿਧਾਨ ਸਭਾ ਚੋਣ ਹਲਕਾ ਆਦਮਪੁਰ ਵਿੱਚ 216 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।
