ਅਕਸਰ ਬੈਂਕਿੰਗ ਜਾਂ ਸਰਕਾਰੀ ਦਸਤਾਵੇਜ਼ਾਂ ਦੀ ਜਾਂਚ (ਵੈਰੀਫ਼ਿਕੇਸ਼ਨ) ਦੌਰਾਨ ਜੇਕਰ ਆਧਾਰ ਦਾ ਪਤਾ ਬਾਕੀ ਕਾਗ਼ਜ਼ਾਤ ਨਾਲ ਮੇਲ ਨਾ ਖਾਵੇ ਤਾਂ ਪ੍ਰਕਿਰਿਆ ਅੱਧਵਾਟੇ ਹੀ ਰੁਕ ਜਾਂਦੀ ਹੈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਆਧਾਰ ਵਿੱਚ ਆਪਣਾ ਨਵਾਂ ਪਤਾ ਅਪਡੇਟ ਕਰਵਾਉਣਾ ਬੇਹੱਦ ਸਰਲ ਹੋ ਚੁੱਕਾ ਹੈ। ਇਸ ਕੰਮ ਲਈ ਹੁਣ ਆਧਾਰ ਸੇਵਾ ਕੇਂਦਰਾਂ ਦੇ ਬਾਹਰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਬਿਲਕੁਲ ਲੋੜ ਨਹੀਂ ਹੈ। ਨਾਗਰਿਕ ਆਪਣੇ ਸਮਾਰਟਫ਼ੋਨ ਜਾਂ ਲੈਪਟਾਪ ਦੀ ਵਰਤੋਂ ਕਰਕੇ ਘਰ ਬੈਠੇ ਹੀ ਕੁਝ ਮਿੰਟਾਂ ਵਿੱਚ ਇਹ ਪ੍ਰਕਿਰਿਆ ਮੁਕੰਮਲ ਕਰ ਸਕਦੇ ਹਨ। ਸਭ ਤੋਂ ਪਹਿਲਾਂ ਇੰਟਰਨੈੱਟ ਬ੍ਰਾਊਜ਼ਰ ਰਾਹੀਂ ਮਾਈ-ਆਧਾਰ ਦੇ ਅਧਿਕਾਰਤ ਪੋਰਟਲ (myaadhaar.uidai.gov.in) ‘ਤੇ ਜਾਓ। ਵੈੱਬਸਾਈਟ ‘ਤੇ ਆਪਣਾ 12 ਅੰਕਾਂ ਦਾ ਆਧਾਰ ਨੰਬਰ ਅਤੇ ਸਕ੍ਰੀਨ ‘ਤੇ ਦਿਸ ਰਿਹਾ ਕੈਪਚਾ ਕੋਡ ਦਰਜ ਕਰੋ। ਇਸ ਤੋਂ ਬਾਅਦ ਤੁਹਾਡੇ ਆਧਾਰ ਨਾਲ ਲਿੰਕਡ ਮੋਬਾਈਲ ਨੰਬਰ ‘ਤੇ ਇੱਕ ਓ.ਟੀ.ਪੀ. (OTP) ਆਵੇਗਾ। OTP ਦਰਜ ਕਰਕੇ ਪੋਰਟਲ ਵਿੱਚ ਲੌਗਇਨ ਕਰੋ। ਲੌਗਇਨ ਕਰਨ ਉਪਰੰਤ ਸਕ੍ਰੀਨ ‘ਤੇ ‘Address Update’ ਦਾ ਵਿਕਲਪ ਚੁਣੋ ਅਤੇ ਫਿਰ ‘Update Aadhaar using your documents’ ‘ਤੇ ਕਲਿੱਕ ਕਰੋ। ਇੱਥੇ ਤੁਹਾਡਾ ਮੌਜੂਦਾ ਪਤਾ ਦਿਖਾਈ ਦੇਵੇਗਾ। ਪੇਜ ਨੂੰ ਹੇਠਾਂ ਸਕ੍ਰੋਲ ਕਰਕੇ ਆਪਣਾ ਨਵਾਂ ਪਤਾ, ਸੂਬਾ, ਜ਼ਿਲ੍ਹਾ, ਸ਼ਹਿਰ ਅਤੇ ਪਿੰਨ ਕੋਡ ਬਿਲਕੁਲ ਸਹੀ-ਸਹੀ ਭਰੋ।
ਨਵਾਂ ਪਤਾ ਦਰਜ ਕਰਨ ਦੇ ਨਾਲ ਹੀ ਬਿਨੈਕਾਰ ਨੂੰ ਉਸ ਪਤੇ ਦੀ ਪੁਸ਼ਟੀ ਕਰਨ ਵਾਲਾ ਕੋਈ ਇੱਕ ਮਾਨਤਾ ਪ੍ਰਾਪਤ ਦਸਤਾਵੇਜ਼ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਇਸ ਲਈ ਬਿਨੈਕਾਰ ਦੇ ਨਾਂ ਦਾ ਬਿਜਲੀ ਦਾ ਬਿੱਲ, ਬੈਂਕ ਸਟੇਟਮੈਂਟ, ਰੈਂਟ ਐਗਰੀਮੈਂਟ, ਪਾਸਪੋਰਟ ਜਾਂ ਵੋਟਰ ਸ਼ਨਾਖ਼ਤੀ ਕਾਰਡ ਵਰਤਿਆ ਜਾ ਸਕਦਾ ਹੈ। ਜੇਕਰ ਕਿਸੇ ਨਵੇਂ ਸ਼ਹਿਰ ਵਿੱਚ ਤੁਰੰਤ ਵਿਅਕਤੀ ਦੇ ਆਪਣੇ ਨਾਂ ‘ਤੇ ਕੋਈ ਪਤੇ ਦਾ ਸਬੂਤ ਉਪਲਬਧ ਨਾ ਹੋਵੇ, ਤਾਂ ਅਜਿਹੀ ਸਥਿਤੀ ਵਿੱਚ ‘ਹੈੱਡ ਆਫ਼ ਫ਼ੈਮਿਲੀ’ (HoF) ਦਾ ਵਿਕਲਪ ਚੁਣਿਆ ਜਾ ਸਕਦਾ ਹੈ। ਇਸ ਪ੍ਰਣਾਲੀ ਰਾਹੀਂ ਪਰਿਵਾਰ ਦੇ ਮੁਖੀ ਦਾ ਆਧਾਰ ਨੰਬਰ ਅਤੇ ਉਨ੍ਹਾਂ ਨਾਲ ਆਪਣੇ ਰਿਸ਼ਤੇ ਦਾ ਪ੍ਰਮਾਣ ਦੇ ਕੇ ਵੀ ਪਤਾ ਬਦਲਿਆ ਜਾ ਸਕਦਾ ਹੈ। ਫ਼ਾਰਮ ਜਮ੍ਹਾਂ (ਸਬਮਿਟ) ਹੁੰਦੇ ਹੀ ਸਕ੍ਰੀਨ ‘ਤੇ 14 ਅੰਕਾਂ ਦਾ ‘ਅਪਡੇਟ ਰਿਕੁਐਸਟ ਨੰਬਰ’ (URN) ਜਾਰੀ ਹੋਵੇਗਾ। ਇਸ ਨੰਬਰ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ, ਕਿਉਂਕਿ ਇਸੇ ਰਾਹੀਂ ਬਾਅਦ ਵਿੱਚ ਅਰਜ਼ੀ ਦਾ ਸਟੇਟਸ ਟਰੈਕ ਕੀਤਾ ਜਾ ਸਕਦਾ ਹੈ।
