ਦੇਸ਼ ਭਰ ‘ਚ ਅੱਜ ਮੈਡੀਕਲ ਸਟੋਰ ਤੇ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰੀ ਦਵਾਈਆਂ ਲਈ ਇੱਧਰ-ਉੱਧਰ ਭਟਕਣਾ ਪਿਆ, ਪਰ ਜ਼ਿਆਦਾਤਰ ਮੈਡੀਕਲ ਸਟੋਰ ਬੰਦ ਹੋਣ ਕਾਰਨ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਕਈ ਥਾਵਾਂ ਤੇ ਲੋਕ ਮੈਡੀਕਲ ਸਟੋਰਾਂ ਦੇ ਬਾਹਰ ਖੜੇ ਨਜ਼ਰ ਆਏ, ਪਰ ਬੰਦ ਕਾਰਨ ਉਨ੍ਹਾਂ ਨੂੰ ਦਵਾਈਆਂ ਨਹੀਂ ਮਿਲ ਸਕੀਆਂ। ਪੰਜਾਬ ਦੇ ਅੰਮ੍ਰਿਤਸਰ ‘ਚ ਵੀ ਇਸ ਬੰਦ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਅੰਮ੍ਰਿਤਸਰ ਦੇ ਕਟੜਾ ਸ਼ੇਰ ਸਿੰਘ ਇਲਾਕੇ, ਜਿਸ ਨੂੰ ਦਵਾਈਆਂ ਦੀ ਸਭ ਤੋਂ ਵੱਡੀ ਹੋਲਸੇਲ ਮਾਰਕੀਟ ਮੰਨਿਆ ਜਾਂਦਾ ਹੈ, ਉੱਥੇ ਪੂਰੀ ਤਰ੍ਹਾਂ ਸਨਾਟਾ ਛਾਇਆ ਹੈ। ਅੰਮ੍ਰਿਤਸਰ ਕੇਮਿਸਟ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਸ਼ਹਿਰ ਦੀਆਂ ਲਗਭਗ ਸਾਰੀਆਂ ਮੈਡੀਕਲ ਦੁਕਾਨਾਂ ਬੰਦ ਹਨ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਬੰਦ ਰਾਤ 12 ਵਜੇ ਤੱਕ ਜਾਰੀ ਰਹੇਗਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਕੇਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਹੜਤਾਲ ਪੰਜਾਬ ਕੇਮਿਸਟ ਐਸੋਸੀਏਸ਼ਨ ਤੇ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੇਮਿਸਟ ਐਂਡ ਡਰੱਗਿਸਟਸ ਦੇ ਸੱਦੇ ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਫਾਰਮੇਸੀ ਕੰਪਨੀਆਂ ਵੱਡੀਆਂ ਛੂਟਾਂ ਦੇ ਕੇ ਦਵਾਈਆਂ ਵੇਚ ਰਹੀਆਂ ਹਨ, ਜਿਸ ਕਾਰਨ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਆਨਲਾਈਨ ਪਲੇਟਫਾਰਮਾਂ ਤੇ ਬਿਨਾਂ ਢੰਗ ਦੀ ਜਾਂਚ ਤੋਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜਿਸ ਨਾਲ ਨਕਲੀ ਦਵਾਈਆਂ ਦਾ ਖਤਰਾ ਵੀ ਵੱਧ ਰਿਹਾ ਹੈ। ਐਸੋਸੀਏਸ਼ਨ ਮੁਤਾਬਕ ਆਨਲਾਈਨ ਨੈਸ਼ਨਲ ਡਰੱਗ ਲਾਇਸੈਂਸ ਪੋਰਟਲ ਚ ਵੀ ਕਈ ਤਕਨੀਕੀ ਖਾਮੀਆਂ ਹਨ, ਜਿਸ ਕਾਰਨ ਦੁਕਾਨਦਾਰ ਪਰੇਸ਼ਾਨ ਹਨ।
