ਮੈਟਾ ਦੀ ਨਵੀਂ ਪਹਿਲ ਪਰਿਵਾਰ ਅਤੇ ਦੋਸਤ ਇਕੱਠੇ ਮਾਣ ਸਕਣਗੇ ਰੀਲਾਂ ਦਾ ਆਨੰਦ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਰੀਲਾਂ ਅਤੇ ਵੀਡੀਓ ਦੇਖਣ ਦਾ ਅਨੁਭਵ ਹੁਣ ਬਦਲਣ ਜਾ ਰਿਹਾ ਹੈ। ਮੈਟਾ ਵੱਲੋਂ ਭਾਰਤ ਵਿੱਚ ਟੀਵੀ ਲਈ ਇੰਸਟਾਗ੍ਰਾਮ ਐਪ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਉਪਭੋਗਤਾ ਮੋਬਾਈਲ ਫੋਨ ਦੀ ਛੋਟੀ ਸਕ੍ਰੀਨ ਦੀ ਬਜਾਏ ਆਪਣੇ ਸਮਾਰਟ ਟੀਵੀ ਦੀ ਵੱਡੀ ਸਕ੍ਰੀਨ ’ਤੇ ਰੀਲਾਂ, ਸਟੋਰੀਜ਼ ਅਤੇ ਹੋਰ ਕੰਟੈਂਟ ਦੇਖ ਸਕਣਗੇ। ਮੈਟਾ ਨੇ ਮੁੰਬਈ ਵਿੱਚ ਕਰਵਾਏ ਆਪਣੇ ਸਾਲਾਨਾ ਕ੍ਰੀਏਟਰ ਸਮਾਗਮ ‘ਹਾਊਸ ਆਫ ਇੰਸਟਾਗ੍ਰਾਮ’ ਦੌਰਾਨ ਇਸ ਨਵੀਂ ਸਹੂਲਤ ਦਾ ਐਲਾਨ ਕੀਤਾ। ਕੰਪਨੀ ਮੁਤਾਬਕ ਇਹ ਐਪ ਕੁਝ ਦਿਨਾਂ ਵਿੱਚ ਭਾਰਤ ਵਿੱਚ ਉਪਲਬਧ ਹੋ ਜਾਵੇਗਾ। ਇਸ ਦਾ ਮੁੱਖ ਉਦੇਸ਼ ਪਰਿਵਾਰ ਅਤੇ ਦੋਸਤਾਂ ਨੂੰ ਇਕੱਠੇ ਬੈਠ ਕੇ ਆਪਣੇ ਮਨਪਸੰਦ ਕ੍ਰੀਏਟਰਾਂ ਦੀਆਂ ਵੀਡੀਓ ਦੇਖਣ ਦਾ ਮੌਕਾ ਦੇਣਾ ਹੈ। ਇੰਸਟਾਗ੍ਰਾਮ ਫਾਰ ਟੀਵੀ ਨੂੰ ਚੋਣਵੇਂ ਸਮਾਰਟ ਟੀਵੀ ਅਤੇ ਸਟ੍ਰੀਮਿੰਗ ਡਿਵਾਈਸਾਂ ’ਤੇ ਵਰਤਿਆ ਜਾ ਸਕੇਗਾ। ਇਹ ਐਪ ਐਪਲ ਟੀਵੀ, ਐਮਾਜ਼ਾਨ ਫਾਇਰ ਟੀਵੀ ਅਤੇ ਗੂਗਲ ਟੀਵੀ ਨੂੰ ਸਪੋਰਟ ਕਰਨ ਵਾਲੇ ਡਿਵਾਈਸਾਂ ਲਈ ਉਪਲਬਧ ਹੋਵੇਗੀ। ਇਸ ਦੀ ਵਰਤੋਂ ਕਰਨ ਲਈ ਉਪਭੋਗਤਾਵਾਂ ਨੂੰ ਆਪਣੇ ਟੀਵੀ ਦੇ ਐਪ ਸਟੋਰ ਤੋਂ ਇੰਸਟਾਗ੍ਰਾਮ ਡਾਊਨਲੋਡ ਕਰਨਾ ਹੋਵੇਗਾ।
ਇਸ ਤੋਂ ਬਾਅਦ ਉਹ ਆਪਣੇ ਮੌਜੂਦਾ ਇੰਸਟਾਗ੍ਰਾਮ ਖਾਤੇ ਰਾਹੀਂ ਲੌਗਇਨ ਕਰ ਸਕਣਗੇ। ਇਸ ਲਈ ਨਵਾਂ ਖਾਤਾ ਬਣਾਉਣ ਦੀ ਲੋੜ ਨਹੀਂ ਪਵੇਗੀ। ਭਾਰਤ ਵਿੱਚ ਇੰਸਟਾਗ੍ਰਾਮ ਫਾਰ ਟੀਵੀ ਦਾ ਮੁੱਖ ਫੋਕਸ ਰੀਲਾਂ ਅਤੇ ਸਟੋਰੀਜ਼ ’ਤੇ ਰਹੇਗਾ। ਇਸ ਤੋਂ ਇਲਾਵਾ ਉਪਭੋਗਤਾ ਆਪਣੀ ਪ੍ਰੋਫਾਈਲ ’ਤੇ ਪਾਈਆਂ ਫੋਟੋਆਂ ਅਤੇ ਮਲਟੀ-ਪਿਕਚਰ ਪੋਸਟਾਂ ਵੀ ਦੇਖ ਸਕਣਗੇ। ਕੁਝ ਰੀਲਾਂ ਨੂੰ ਟੀਵੀ ਦੀ ਚੌੜੀ ਸਕ੍ਰੀਨ ਦੇ ਅਨੁਕੂਲ ਖਿਤਿਜੀ ਰੂਪ ਵਿੱਚ ਦੇਖਣ ਦੀ ਸਹੂਲਤ ਵੀ ਮਿਲੇਗੀ। ਇਸ ਐਪ ਦੀ ਖਾਸ ਗੱਲ ਇਹ ਹੈ ਕਿ ਹਰ ਵੀਡੀਓ ਤੋਂ ਬਾਅਦ ਅਗਲੀ ਰੀਲ ਦੇਖਣ ਲਈ ਵਾਰ-ਵਾਰ ਸਕ੍ਰੌਲ ਨਹੀਂ ਕਰਨਾ ਪਵੇਗਾ। ਰੀਲਾਂ ਇੱਕ ਤੋਂ ਬਾਅਦ ਇੱਕ ਆਪਣੇ ਆਪ ਚੱਲਦੀਆਂ ਰਹਿਣਗੀਆਂ। ਉਪਭੋਗਤਾ ਟੀਵੀ ਰਿਮੋਟ ਰਾਹੀਂ ਵੀਡੀਓ ਨੂੰ ਕੰਟਰੋਲ ਕਰ ਸਕਣਗੇ। ਕੰਪਨੀ ਅਨੁਸਾਰ ਨਵੇਂ ਟੀਵੀ ਅਨੁਭਵ ਰਾਹੀਂ ਲੋਕ ਇਕੱਠੇ ਵੀਡੀਓ ਦੇਖਣ ਦੇ ਨਾਲ-ਨਾਲ ਆਪਣੇ ਮਨਪਸੰਦ ਕੰਟੈਂਟ ਦੀ ਸਿਫਾਰਸ਼ ਵੀ ਇੱਕ-ਦੂਜੇ ਨੂੰ ਕਰ ਸਕਣਗੇ। ਇਸ ਤਰ੍ਹਾਂ ਇੰਸਟਾਗ੍ਰਾਮ ਹੁਣ ਸਿਰਫ਼ ਮੋਬਾਈਲ ਤੱਕ ਸੀਮਤ ਨਾ ਰਹਿ ਕੇ ਟੀਵੀ ’ਤੇ ਵੀ ਮਨੋਰੰਜਨ ਦਾ ਨਵਾਂ ਸਾਧਨ ਬਣਨ ਜਾ ਰਿਹਾ ਹੈ।
